ਪਲੇਸਰ ਕਾਉਂਟੀ ਦੇ ਅਧਿਕਾਰੀਆਂ ਨੇ ਗ੍ਰੇਨਾਈਟ ਬੇਅ ਸਥਿਤ ਇੱਕ ਸਿੱਖ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਲੱਗੇ ਸਾਈਨ ਬੋਰਡ ਦੀ ਵਾਰ-ਵਾਰ ਭੰਨ-ਤੋੜ ਕਰਨ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੈਰਿਫ਼ ਦਫ਼ਤਰ (Sheriff’s Office) ਨੇ ਮੰਗਲਵਾਰ ਨੂੰ ਇਸ ਗ੍ਰਿਫ਼ਤਾਰੀ ਦਾ ਐਲਾਨ ਕੀਤਾ। ਪਲੇਸਰ ਕਾਉਂਟੀ ਸ਼ੈਰਿਫ਼ ਦਫ਼ਤਰ ਅਨੁਸਾਰ, ਪੋਲੋ ਰੈਂਚ ਪਲੇਸ ਵਿਖੇ ਸਿਏਰਾ ਕਾਲਜ ਬੁਲੇਵਾਰਡ (Sierra College Boulevard) ਦੇ ਨਾਲ ਲੱਗੇ ਇਸ ਸਾਈਨ ਬੋਰਡ ਦੀ ਜੂਨ ਮਹੀਨੇ ਤੋਂ ਲਗਾਤਾਰ ਭੰਨ-ਤੋੜ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭੰਨ-ਤੋੜ ਦੀ ਪਹਿਲੀ ਘਟਨਾ ਜੂਨ ਦੇ ਅੱਧ ਵਿੱਚ ਵਾਪਰੀ ਸੀ, ਜਿਸ ਤੋਂ ਬਾਅਦ 16 ਸਤੰਬਰ ਨੂੰ ਦੂਜੀ ਵਾਰ ਨੁਕਸਾਨ ਪਹੁੰਚਾਇਆ ਗਿਆ ਅਤੇ ਫਿਰ 27 ਸਤੰਬਰ ਨੂੰ ਸਾਈਨ ਬੋਰਡ ਨੂੰ ਮੁੜ ਕੱਟ ਕੇ ਸੁੱਟ ਦਿੱਤਾ ਗਿਆ ਸੀ।

ਗ੍ਰਿਫ਼ਤਾਰੀ ਤੋਂ ਪਹਿਲਾਂ ਸ਼ੈਰਿਫ਼ ਦਫ਼ਤਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਸੀ ਕਿ ਸਿੱਖ ਧਾਰਮਿਕ ਸਥਾਨ ਦੀ ਜਾਇਦਾਦ ਦੀ ਵਾਰ-ਵਾਰ ਕੀਤੀ ਜਾ ਰਹੀ ਭੰਨ-ਤੋੜ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਸੀ ਕਿ ਹਰ ਵਿਅਕਤੀ ਆਪਣੇ ਭਾਈਚਾਰੇ ਵਿੱਚ ਸਤਿਕਾਰਿਤ ਅਤੇ ਸੁਰੱਖਿਅਤ ਮਹਿਸੂਸ ਕਰਨ ਦਾ ਹੱਕਦਾਰ ਹੈ, ਅਤੇ ਸ਼ੈਰਿਫ਼ ਦਫ਼ਤਰ ਇਨ੍ਹਾਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ।