
ਨਿਊਜ਼ੀਲੈਂਡ ਵਿੱਚ ਕਾਰ ਰੈਸਟੋਰੈਂਟ ਨਾਲ ਟਕਰਾਉਣ ਕਾਰਨ ਪੰਜਾਬੀ ਮੂਲ ਦੇ 3 ਨੌਜਵਾਨਾਂ ਦੀ ਮੌਤ
ਦੀਵਾਲੀ ਦੀ ਰਾਤ ਨੂੰ ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਦੇ ਤਾਕਾਨੀਨੀ ਇਲਾਕੇ ਵਿੱਚ ਇੱਕ ਕਾਰ ਦੇ ਬਰਗਰਫਿਊਲ ਰੈਸਟੋਰੈਂਟ ਵਿੱਚ ਵੱਜਣ ਕਾਰਨ ਪੰਜਾਬੀ ਮੂਲ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪਤਾ ਲੱਗਿਆ ਹੈ ਕਿ ਗ੍ਰੇਟ ਸਾਊਥ ਰੋਡ ‘ਤੇ ਇੱਕ ਗੋਲ ਚੱਕਰ ‘ਤੇ ਗੱਡੀ ਦਾ ਕੰਟਰੋਲ ਕਾਫ਼ੀ ਵਿਗੜ ਗਿਆ, ਜਿਸ ਤੋਂ ਬਾਅਦ ਕਾਰ ਸੜਕ ਤੋਂ ਉਤਰ ਕੇ ਇੱਕ ਵਾੜ ਨੂੰ ਤੋੜਦੀ ਹੋਈ ਸਿੱਧੀ ਰੈਸਟੋਰੈਂਟ ਦੇ ਅੰਦਰ ਜਾ ਵਜੀ। ਤਾਕਾਨੀਨੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਾਰ ਵਿੱਚ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਹਤ ਦੀ ਗੱਲ ਇਹ ਰਹੀ ਕਿ ਰੈਸਟੋਰੈਂਟ ਦੇ ਅੰਦਰ ਮੌਜੂਦ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ। ਇਸ ਘਟਨਾ ਬਾਰੇ ਨਿਊਜ਼ੀਲੈਂਡ ਦੀ ਸੈਂਟਰਲ ਸਿੱਖ ਐਸੋਸੀਏਸ਼ਨ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ, ਦਲਜੀਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਤਿੰਨੋਂ ਨੌਜਵਾਨ ਪੰਜਾਬੀ ਮੂਲ ਦੇ ਸਨ। ਉਨ੍ਹਾਂ ਨੇ ਇਸ ਘਟਨਾ ਨੂੰ ਭਾਈਚਾਰੇ ਲਈ ਬਹੁਤ ਹੀ ਦੁਖਦਾਈ ਖ਼ਬਰ ਦੱਸਦਿਆਂ ਕਿਹਾ ਕਿ ਦੀਵਾਲੀ ਦੀ ਰਾਤ ਵਾਪਰੇ ਇਸ ਹਾਦਸੇ ਨੇ ਪੰਜਾਬੀ ਭਾਈਚਾਰੇ ਅਤੇ ਪੀੜਤ ਪਰਿਵਾਰਾਂ ਨੂੰ ਡੂੰਘਾ ਸਦਮਾ ਦਿੱਤਾ ਹੈ।
ਨਿਊਜ਼ੀਲੈਂਡ ਪੁਲਿਸ ਦੀ ਸੀਰੀਅਸ ਕ੍ਰੈਸ਼ ਯੂਨਿਟ ਇਸ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਹਾਦਸੇ ਤੋਂ ਪਹਿਲਾਂ ਡਰਾਈਵਿੰਗ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਮਿਲੀ ਸੀ, ਗੱਡੀ ਚੋਰੀ ਦੀ ਨਹੀਂ ਸੀ ਅਤੇ ਪੁਲਿਸ ਵੱਲੋਂ ਇਸ ਦਾ ਕੋਈ ਪਿੱਛਾ ਨਹੀਂ ਕੀਤਾ ਜਾ ਰਿਹਾ ਸੀ। ਹਾਦਸੇ ਸਮੇਂ ਰੈਸਟੋਰੈਂਟ ਗਾਹਕਾਂ ਲਈ ਬੰਦ ਸੀ, ਪਰ ਅੰਦਰ ਸਟਾਫ਼ ਮੌਜੂਦ ਸੀ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਸਟਾਫ਼ ਸੁਰੱਖਿਅਤ ਹੈ ਅਤੇ ਕੰਪਨੀ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਹਾਦਸੇ ਕਾਰਨ ਰੈਸਟੋਰੈਂਟ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।