
ਅਮਰੀਕੀ ਅਦਾਲਤ ਨੇ ਖਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਸਿਵਲ ਕੇਸ ਦੇ ਮਾਮਲੇ ਵਿੱਚ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਖੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਦੇ ਸਾਬਕਾ ਮੁਖੀ ਸਾਮੰਤ ਗੋਇਲ ਨੂੰ ਸੰਮਨ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਇਨ੍ਹਾਂ ਭਾਰਤੀ ਅਧਿਕਾਰੀਆਂ ਨੂੰ ਦਿੱਲੀ ਵਿੱਚ ਨਿਆਂਇਕ ਚੈਨਲਾਂ ਰਾਹੀਂ ਸੰਮਨ ਭੇਜਣ ਦੀ ਇਜਾਜ਼ਤ ਦਿੱਤੀ ਹੈ।
ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਕੂਟਨੀਤਕ ਰਸਤੇ ਰਾਹੀਂ ਭਾਰਤ ਸਰਕਾਰ ਨੂੰ ਪੰਨੂ ਦੇ ਸਿਵਲ ਮੁਕੱਦਮੇ ਦੇ ਦਸਤਾਵੇਜ਼ ਰਸਮੀ ਤੌਰ ’ਤੇ ਸੌਂਪ ਦਿੱਤੇ ਸਨ। ਇਹ ਕਾਰਵਾਈ ਅਮਰੀਕੀ ਅਦਾਲਤ ਵੱਲੋਂ ਸੰਮਨ ਭੇਜਣ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ। ਹਾਲਾਂਕਿ ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਮੁਕੱਦਮੇ ਬਾਰੇ ਕੋਈ ਪੱਖ ਨਹੀਂ ਲਿਆ ਅਤੇ ਸਿਰਫ਼ ਇਹ ਕਿਹਾ ਕਿ ਉਸ ਨੇ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਮੁਕੰਮਲ ਕਰ ਦਿੱਤੀ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਕਾਨੂੰਨੀ ਸਲਾਹਕਾਰ ਦਫ਼ਤਰ ਨੇ ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਮੁਕੱਦਮੇ ਦੇ ਦਸਤਾਵੇਜ਼ ਵਾਸ਼ਿੰਗਟਨ ਡੀ ਸੀ ਸਥਿਤ ਭਾਰਤੀ ਦੂਤਾਵਾਸ ਨੂੰ ਵਿਦੇਸ਼ ਵਿਭਾਗ ਦੇ ਕੂਟਨੀਤਕ ਨੋਟ ਰਾਹੀਂ ਸੌਂਪੇ ਗਏ ਹਨ। ਸਲਾਹਕਾਰ ਮੁਤਾਬਕ ਇਸ ਨੋਟ ’ਤੇ 30 ਸਤੰਬਰ, 2020 ਦੀ ਤਰੀਕ ਦਰਜ ਸੀ ਅਤੇ ਇਹ 9 ਅਕਤੂਬਰ 2026 ਨੂੰ ਭਾਰਤੀ ਦੂਤਾਵਾਸ ਨੂੰ ਸੌਂਪਿਆ ਗਿਆ।
ਪੰਨੂ ਨੇ ਆਪਣੇ ਮੁਕੱਦਮੇ ਵਿੱਚ ਗੰਭੀਰ ਮਾਨਸਿਕ ਪੀੜਾ ਪਹੁੰਚਾਉਣ ਦੇ ਬਦਲੇ ਵਿੱਤੀ ਮੁਆਵਜ਼ੇ ਦੀ ਮੰਗ ਕੀਤੀ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਰਾਅ ਦੇ ਸੀਨੀਅਰ ਅਧਿਕਾਰੀ ਵਿਕਰਮ ਯਾਦਵ ਨੇ ਨਿਖਿਲ ਗੁਪਤਾ ਨੂੰ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਜਨਰਲ ਕੌਂਸਲ ਦੀ ਹੱਤਿਆ ਕਰਵਾਉਣ ਲਈ ਕਿਰਾਏ ਦੇ ਕਾਤਲਾਂ ਦਾ ਪ੍ਰਬੰਧ ਕਰਨ ਵਾਸਤੇ ਭਰਤੀ ਕੀਤਾ ਸੀ।